Amrita Pritam’s poem from her book navi’n rutt

ਰਾਂਝਣ ਵੇ ਤੇਰਾ ਨਾਂ

ਪਹਿਲੇ ਲੀਤਾ ਮੌਲਵੀ, ਜਿਸ ਰੱਖਿਆ ਤੇਰਾ ਨਾ
ਫੇਰ ਰਾਂਝਣ ਰਾਂਝਣ ਕਰਦੀ ਰਹੀ, ਤੇਰੀ ਕਰਮਾਂ ਵਾਲੀ ਮਾਂ
ਰਾਂਝਣ ਵੇ ਤੇਰਾ ਨਾਂ
ਅੰਮੜੀ ਨੇ ਲੀਤਾ, ਬਾਬੁਲ ਲੀਤਾ, ਲੀਤਾ ਫੇਰ ਭਰਾਂ
ਭੈਣਾਂ ਲੀਤਾ, ਭਾਬੀਆਂ ਲੀਤਾ, ਲੀਤਾ ਸਾਰੇ ਗਰਾਂ
ਰਾਂਝਣ ਵੇ ਤੇਰਾ ਨਾਂ
ਕਿਸੇ ਨੂੰ ਦੋਸ਼ ਕੋਈ ਨਾ ਦੇਵੇ, ਕਰੇ ਨਾ ਕੋਈ ਮਨ੍ਹਾਂ
ਪਰ ਤਦ ਕਿਓਂ ਬਣੇ, ਗੁਨਾਹ ਵੇ ਰਾਂਝਿਆ, ਜਦ ਮੈਂ ਹੀਰ ਤੱਤੀ ਮੂੰਹੋਂ ਲਾਂ
ਰਾਂਝਣ ਵੇ ਤੇਰਾ ਨਾਂ

ਰਾਂਝਣ ਤੇਰੇ ਦਾ ਨਾਂ
ਨੀ ਹੀਰੇ, ਰਾਂਝਣ ਤੇਰੇ ਦਾ ਨਾਂ
ਕੀ ਹੋਇਆ ਜੇ ਮੌਲਵੀ ਲੈਂਦਾ
ਲੈ ਲੈਂਦੀ ਅੰਮੜੀ, ਤੇ ਬਾਬੁਲ ਵੀ ਲੈਂਦਾ
ਲੈ ਲੈਂਦੇ ਵੀਰ ਤੇ ਭਾਬੀਆਂ ਵੀ ਲੈਂਦੀਆਂ
ਤੇ ਭਾਵੇਂ ਲੈਂਦਾ ਸਭ ਗਰਾਂ
ਪਰ ਇੱਕ ਜੇ ਹੀਰੇ ਤੂੰ ਨਾ ਲੈਂਦੀ, ਤੇ ਅੱਜ ਕੌਣ ਲੈਂਦਾ ਉਹਦਾ ਨਾਂ
ਸਦੀਆਂ ਪਿੱਛੋਂ ਵੀ ਅੱਜ ਕੁੜੀਆਂ
ਆਪਣੇ ਆਪਣੇ ਸੱਜਣ ਦਾ
ਰੱਖ ਦੇਂਦੀਆਂ ਨੇ ਰਾਂਝਾ ਨਾਂ
ਨੀ ਹੀਰੇ ! ਰਾਂਝਣ ਤੇਰੇ ਦਾ ਨਾਂ